BJP ਖਿਲਾਫ਼ ਕੇਂਦਰ ‘ਚ ਵਿਰੋਧੀ ਪਾਰਟੀਆਂ ਦੇ INDIA ਗਠਜੋੜ ਤਹਿਤ ਹੁਣ ਪੰਜਾਬ ‘ਚ ਕਾਂਗਰਸ ਤੇ ‘ਆਮ ਆਦਮੀ ਪਾਰਟੀ’ ਵਿਚਾਲੇ ਗਠਜੋੜ ’ਤੇ ਦੋਹਾਂ ਪਾਰਟੀਆਂ ਵਿੱਚ ਚੱਲ ਰਹੀ ਖਿੱਚੋਤਾਣ ‘ਚ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਅਤੇ ‘ਆਪ’ ਦੇ ਗਠਜੋੜ ‘ਤੇ ਸਾਰੀ ਹਵਾ ਸਾਫ਼ ਕੀਤੀ। ਉਹਨਾਂ ਨੇ ਕਾਂਗਰਸੀ ਆਗੂਆਂ ਵੱਲੋਂ ਗਠਜੋੜ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਕਿਹਾ ਕਿ ਗਠਜੋੜ ਖ਼ਿਲਾਫ਼ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈੇ।
ਰਵਨੀਤ ਬਿੱਟੂ ਨੇ ਕਿਹਾ ਕਿ ਜੇ ਅੱਜ ਉਹ ਸੰਸਦ ਮੈਂਬਰ ਹਨ ਤਾਂ ਪਾਰਟੀ ਦੀ ਟਿਕਟ ਅਤੇ ਨਿਸ਼ਾਨ ’ਤੇ ਜਿੱਤ ਕੇ ਹੀ ਐਮ.ਪੀ. ਬਣੇ ਹਨ ਅਤੇ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਹਨ ਕਿ ਜਾਂ ਤਾਂ ਪਾਰਟੀ ਦਾ ਫ਼ੈਸਲਾ ਮੰਨਣਾ ਪੈਂਦਾ ਹੈ ਜਾਂ ਫ਼ਿਰ ਨਹੀਂ ਮੰਨਣਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਜੇ ਕੋਈ ਕਾਂਗਰਸ ਦੀ ਸਰਕਾਰ ਬਣੀ ਜਾਂ ਫ਼ਿਰ ਅੱਜ ਕੋਈ ਸੂਬਾ ਕਾਂਗਰਸ ਦਾ ਪ੍ਰਧਾਨ ਹੈ ਜਾਂ ਫ਼ਿਰ ਵਿਰੋਧੀ ਧਿਰ ਦਾ ਆਗੂ ਹੈ, ਉਹ ਵੀ ਪਾਰਟੀ ਕਰਕੇ ਹੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲੋਕਤੰਤਰ ਦਾ ਨਾਂਅ ਲੈ ਕੇ ਪਾਰਟੀ ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣੀ ਜਾਂ ਫ਼ਿਰ ਉਸਦੀ ਨੁਕਤਾਚੀਨੀ ਕਰਨੀ ਸਹੀ ਨਹੀਂ ਹੈ।
ਉਹਨਾਂ ਨੇ ਸਪਸ਼ਟ ਕਿਹਾ ਕਿ ਜੇ ਕਿਸੇ ਨੂੰ ਪਾਰਟੀ ਹਾਈਕਮਾਨ ਦਾ ਗਠਜੋੜ ਵਾਲਾ ਫ਼ੈਸਲਾ ਪਸੰਦ ਨਹੀਂ ਤਾਂ ਉਸਨੂੰ ਪਾਰਟੀ ਹਾਈਕਮਾਨ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਉਸਦਾ ਵਿਚਾਰ ਵੱਖਰਾ ਹੈ ਤਾਂ ਉਸਨੂੰ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣਾ ਵੱਖਰਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਇਸ ਪਾਰਟੀ ਵਿੱਚ MP, MLA ਵੀ ਰਹਿਣਾ, ਵੱਡੇ ਅਹੁਦੇ ਵੀ ਲੈਣੇ ਪਰ ਪਾਰਟੀ ਦਾ ਫ਼ੈਸਲਾ ਨਹੀਂ ਮੰਨਣਾ, ਇਹ ਕਿਵੇਂ ਹੋ ਸਕਦਾ ਹੈ?
india alliance ravneet bittu slams congress and aap in punjab
ਰਵਨੀਤ ਬਿੱਟੂ ਨੇ ਕਿਹਾ ਕਿ ਕੁਝ ਆਗੂ ਪਾਰਟੀ ਕੈਡਰ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਜੇ ਉਹਨਾਂ ਨੂੰ ਇਹ ਗਠਜੋੜ ਮਨਜ਼ੂਰ ਨਹੀਂ ਤਾਂ ਉਹ ਆਪਣੀ ਲਾਈਨ ਲੈੈਣ ਅਤੇ ਅਸਤੀਫ਼ੇ ਦੇ ਕੇ ਪਾਰਟੀ ਤੋਂ ਲਾਂਭੇ ਹੋ ਜਾਣ। ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਦੋਹਾਂ ਪਾਰਟੀਆਂ ਦੀਆਂ ਸਾਂਝੀਆਂ ਰੈਲੀਆਂ ਵੀ ਸ਼ੁਰੂ ਹੋਣਗੀਆਂ।
ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਣੇ ਕੁਝ ਵੱਡੇ ਪਾਰਟੀ ਆਗੂਆਂ ਨੇ ‘ਆਮ ਆਦਮੀ ਪਾਰਟੀ’ ਨਾਲ ਸਮਝੌਤੇ ਬਾਰੇ ਤਿੱਖੇ ਤੇਵਰ ਅਪਣਾਏ ਹੋਏ ਹਨ ਅਤੇ ਇਸ ਬਾਰੇ ਜਨਤਕ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਹਿਲਾਂ ‘ਆਮ ਆਦਮੀ ਪਾਰਟੀ’ ਵੱਲੋਂ ਇਹ ਸਮਝੌਤਾ ਹੋ ਜਾਣ ਅਤੇ ‘ਸੀਟ ਸ਼ੇਅਰਿੰਗ’ ਤਹਿਤ 2024 ਲੋਕ ਸਭਾ ਚੋਣਾਂ ਲੜਨ ਬਾਰੇ ਸੰਕੇਤ ਦਿੱਤੇ ਜਾ ਰਹੇ ਸਨ ਪਰ ਬਾਜਵਾ ਅਤੇ ਵੜਿੰਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਤਲਖ਼ ਬਿਆਨਬਾਜ਼ੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪਾਰਟੀ ਨੇ ਇੱਕ ਦਮ ਆਪਣੇ ਰਵੱਈਏ ਵਿੱਚ ਤਬਦੀਲੀ ਲਿਆਉਂਦਿਆਂ ਗਠਜੋੜ ਵਿੱਚ ਨਾ ਜਾਣ ਅਤੇ ਆਪਣੇ ਤੌਰ ’ਤੇ ਹੀ ਰਾਜ ਦੀਆਂ 13 ਸੀਟਾਂ ਲੜਨ ਦਾ ਐਲਾਨ ਕਰ ਦਿੱਤਾ ਸੀ।
india alliance ravneet bittu slams congress and aap in punjab